1138

*ਭੈਰਉ ਮਹਲਾ ੫ ॥*
ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥
ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ॥੧॥ ਰਹਾਉ ॥
ਨਗਜ ਤੇਰੇ ਬੰਦੇ ਦੀਦਾਰੁ ਅਪਾਰੁ ॥
ਨਾਮ ਬਿਨਾ ਸਭ ਦੁਨੀਆ ਛਾਰੁ ॥੧॥
ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥
ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥੨॥
ਨੀਧਰਿਆ ਧਰ ਪਨਹ ਖੁਦਾਇ ॥
ਗਰੀਬ ਨਿਵਾਜੁ ਦਿਨੁ ਰੈਣਿ ਧਿਆਇ ॥੩॥
ਨਾਨਕ ਕਉ ਖੁਦਿ ਖਸਮ ਮਿਹਰਵਾਨ ॥
ਅਲਹੁ ਨ ਵਿਸਰੈ ਦਿਲ ਜੀਅ ਪਰਾਨ ॥੪॥੧੦॥
*ਭੈਰਉ ਮਹਲਾ ੫ ॥*
ਸਾਚ ਪਦਾਰਥੁ ਗੁਰਮੁਖਿ ਲਹਹੁ ॥
ਪ੍ਰਭ ਕਾ ਭਾਣਾ ਸਤਿ ਕਰਿ ਸਹਹੁ ॥੧॥
ਜੀਵਤ ਜੀਵਤ ਜੀਵਤ ਰਹਹੁ ॥
ਰਾਮ ਰਸਾਇਣੁ ਨਿਤ ਉਠਿ ਪੀਵਹੁ ॥
ਹਰਿ ਹਰਿ ਹਰਿ ਹਰਿ ਰਸਨਾ ਕਹਹੁ ॥੧॥ ਰਹਾਉ ॥
ਕਲਿਜੁਗ ਮਹਿ ਇਕ ਨਾਮਿ ਉਧਾਰੁ ॥
ਨਾਨਕੁ ਬੋਲੈ ਬ੍ਰਹਮ ਬੀਚਾਰੁ ॥੨॥੧੧॥
*ਭੈਰਉ ਮਹਲਾ ੫ ॥*
ਸਤਿਗੁਰੁ ਸੇਵਿ ਸਰਬ ਫਲ ਪਾਏ ॥
ਜਨਮ ਜਨਮ ਕੀ ਮੈਲੁ ਮਿਟਾਏ ॥੧॥
ਪਤਿਤ ਪਾਵਨ ਪ੍ਰਭ ਤੇਰੋ ਨਾਉ ॥
ਪੂਰਬਿ ਕਰਮ ਲਿਖੇ ਗੁਣ ਗਾਉ ॥੧॥ ਰਹਾਉ ॥
ਸਾਧੂ ਸੰਗਿ ਹੋਵੈ ਉਧਾਰੁ ॥
ਸੋਭਾ ਪਾਵੈ ਪ੍ਰਭ ਕੈ ਦੁਆਰ ॥੨॥
ਸਰਬ ਕਲਿਆਣ ਚਰਣ ਪ੍ਰਭ ਸੇਵਾ ॥
ਧੂਰਿ ਬਾਛਹਿ ਸਭਿ ਸੁਰਿ ਨਰ ਦੇਵਾ ॥੩॥
ਨਾਨਕ ਪਾਇਆ ਨਾਮ ਨਿਧਾਨੁ ॥
ਹਰਿ ਜਪਿ ਜਪਿ ਉਧਰਿਆ ਸਗਲ ਜਹਾਨੁ ॥੪॥੧੨॥
*ਭੈਰਉ ਮਹਲਾ ੫ ॥*
ਅਪਣੇ ਦਾਸ ਕਉ ਕੰਠਿ ਲਗਾਵੈ ॥
ਨਿੰਦਕ ਕਉ ਅਗਨਿ ਮਹਿ ਪਾਵੈ ॥੧॥
ਪਾਪੀ ਤੇ ਰਾਖੇ ਨਾਰਾਇਣ ॥
ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥
ਦਾਸ ਰਾਮ ਜੀਉ ਲਾਗੀ ਪ੍ਰੀਤਿ ॥
ਨਿੰਦਕ ਕੀ ਹੋਈ ਬਿਪਰੀਤਿ ॥੨॥
ਪਾਰਬ੍ਰਹਮਿ ਅਪਣਾ ਬਿਰਦੁ ਪ੍ਰਗਟਾਇਆ ॥
ਦੋਖੀ ਅਪਣਾ ਕੀਤਾ ਪਾਇਆ ॥੩॥
ਆਇ ਨ ਜਾਈ ਰਹਿਆ ਸਮਾਈ ॥
ਨਾਨਕ ਦਾਸ ਹਰਿ ਕੀ ਸਰਣਾਈ ॥੪॥੧੩॥
*ਰਾਗੁ ਭੈਰਉ ਮਹਲਾ ੫ ਚਉਪਦੇ ਘਰੁ ੨*
*ੴ ਸਤਿਗੁਰ ਪ੍ਰਸਾਦਿ ॥*
ਸ੍ਰੀਧਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ॥
ਐਸਾ ਪ੍ਰਭੁ ਛੋਡਿ ਕਰਹਿ ਅਨ ਸੇਵਾ ਕਵਨ ਬਿਖਿਆ ਰਸ ਮਾਤਾ ॥੧॥
ਰੇ ਮਨ ਮੇਰੇ ਤੂ ਗੋਵਿਦ ਭਾਜੁ ॥
ਅਵਰ ਉਪਾਵ ਸਗਲ ਮੈ ਦੇਖੇ ਜੋ ਚਿਤਵੀਐ ਤਿਤੁ ਬਿਗਰਸਿ ਕਾਜੁ ॥੧॥ ਰਹਾਉ ॥
ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥
ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ ਨਿਗੁਰੇ ਪਸੂ ਸਮਾਨਾ ॥੨॥
ਜੀਉ ਪਿੰਡੁ ਤਨੁ ਧਨੁ ਸਭੁ ਪ੍ਰਭ ਕਾ ਸਾਕਤ ਕਹਤੇ ਮੇਰਾ ॥

1139

ਅਹੰਬੁਧਿ ਦੁਰਮਤਿ ਹੈ ਮੈਲੀ ਬਿਨੁ ਗੁਰ ਭਵਜਲਿ ਫੇਰਾ ॥੩॥
ਹੋਮ ਜਗ ਜਪ ਤਪ ਸਭਿ ਸੰਜਮ ਤਟਿ ਤੀਰਥਿ ਨਹੀ ਪਾਇਆ ॥
ਮਿਟਿਆ ਆਪੁ ਪਏ ਸਰਣਾਈ ਗੁਰਮੁਖਿ ਨਾਨਕ ਜਗਤੁ ਤਰਾਇਆ ॥੪॥੧॥੧੪॥
*ਭੈਰਉ ਮਹਲਾ ੫ ॥*
ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਿਹਿ ਪੇਖਿਓ ਉਦਾਸਾਏ ॥
ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ ॥੧॥
ਸੰਤਸੰਗਿ ਪੇਖਿਓ ਮਨ ਮਾਏਂ ॥
ਊਭ ਪਇਆਲ ਸਰਬ ਮਹਿ ਪੂਰਨ ਰਸਿ ਮੰਗਲ ਗੁਣ ਗਾਏ ॥੧॥ ਰਹਾਉ ॥
ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ ॥
ਤਪੀ ਤਪੀਸੁਰ ਮੁਨਿ ਮਹਿ ਪੇਖਿਓ ਨਟ ਨਾਟਿਕ ਨਿਰਤਾਏ ॥੨॥
ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸਟੀ ਸਿੰਮ੍ਰਿਤਾਏ ॥
ਸਭ ਮਿਲਿ ਏਕੋ ਏਕੁ ਵਖਾਨਹਿ ਤਉ ਕਿਸ ਤੇ ਕਹਉ ਦੁਰਾਏ ॥੩॥
ਅਗਹ ਅਗਹ ਬੇਅੰਤ ਸੁਆਮੀ ਨਹ ਕੀਮ ਕੀਮ ਕੀਮਾਏ ॥
ਜਨ ਨਾਨਕ ਤਿਨ ਕੈ ਬਲਿ ਬਲਿ ਜਾਈਐ ਜਿਹ ਘਟਿ ਪਰਗਟੀਆਏ ॥੪॥੨॥੧੫॥
*ਭੈਰਉ ਮਹਲਾ ੫ ॥*
ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥
ਬਿਖੁ ਸੰਚੈ ਨਿਤ ਡਰਤਾ ਫਿਰੈ ॥
ਹੈ ਨਿਕਟੇ ਅਰੁ ਭੇਦੁ ਨ ਪਾਇਆ ॥
ਬਿਨੁ ਸਤਿਗੁਰ ਸਭ ਮੋਹੀ ਮਾਇਆ ॥੧॥
ਨੇੜੈ ਨੇੜੈ ਸਭੁ ਕੋ ਕਹੈ ॥
ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥੧॥ ਰਹਾਉ ॥
ਨਿਕਟਿ ਨ ਦੇਖੈ ਪਰ ਗ੍ਰਿਹਿ ਜਾਇ ॥
ਦਰਬੁ ਹਿਰੈ ਮਿਥਿਆ ਕਰਿ ਖਾਇ ॥
ਪਈ ਠਗਉਰੀ ਹਰਿ ਸੰਗਿ ਨ ਜਾਨਿਆ ॥
ਬਾਝੁ ਗੁਰੂ ਹੈ ਭਰਮਿ ਭੁਲਾਨਿਆ ॥੨॥
ਨਿਕਟਿ ਨ ਜਾਨੈ ਬੋਲੈ ਕੂੜੁ ॥
ਮਾਇਆ ਮੋਹਿ ਮੂਠਾ ਹੈ ਮੂੜੁ ॥
ਅੰਤਰਿ ਵਸਤੁ ਦਿਸੰਤਰਿ ਜਾਇ ॥
ਬਾਝੁ ਗੁਰੂ ਹੈ ਭਰਮਿ ਭੁਲਾਇ ॥੩॥
ਜਿਸੁ ਮਸਤਕਿ ਕਰਮੁ ਲਿਖਿਆ ਲਿਲਾਟ ॥
ਸਤਿਗੁਰੁ ਸੇਵੇ ਖੁਲ੍ਹ੍ਹੇ ਕਪਾਟ ॥
ਅੰਤਰਿ ਬਾਹਰਿ ਨਿਕਟੇ ਸੋਇ ॥
ਜਨ ਨਾਨਕ ਆਵੈ ਨ ਜਾਵੈ ਕੋਇ ॥੪॥੩॥੧੬॥
*ਭੈਰਉ ਮਹਲਾ ੫ ॥*
ਜਿਸੁ ਤੂ ਰਾਖਹਿ ਤਿਸੁ ਕਉਨੁ ਮਾਰੈ ॥
ਸਭ ਤੁਝ ਹੀ ਅੰਤਰਿ ਸਗਲ ਸੰਸਾਰੈ ॥
ਕੋਟਿ ਉਪਾਵ ਚਿਤਵਤ ਹੈ ਪ੍ਰਾਣੀ ॥
ਸੋ ਹੋਵੈ ਜਿ ਕਰੈ ਚੋਜ ਵਿਡਾਣੀ ॥੧॥
ਰਾਖਹੁ ਰਾਖਹੁ ਕਿਰਪਾ ਧਾਰਿ ॥
ਤੇਰੀ ਸਰਣਿ ਤੇਰੈ ਦਰਵਾਰਿ ॥੧॥ ਰਹਾਉ ॥
ਜਿਨਿ ਸੇਵਿਆ ਨਿਰਭਉ ਸੁਖਦਾਤਾ ॥
ਤਿਨਿ ਭਉ ਦੂਰਿ ਕੀਆ ਏਕੁ ਪਰਾਤਾ ॥
ਜੋ ਤੂ ਕਰਹਿ ਸੋਈ ਫੁਨਿ ਹੋਇ ॥
ਮਾਰੈ ਨ ਰਾਖੈ ਦੂਜਾ ਕੋਇ ॥੨॥
ਕਿਆ ਤੂ ਸੋਚਹਿ ਮਾਣਸ ਬਾਣਿ ॥
ਅੰਤਰਜਾਮੀ ਪੁਰਖੁ ਸੁਜਾਣੁ ॥
ਏਕ ਟੇਕ ਏਕੋ ਆਧਾਰੁ ॥
ਸਭ ਕਿਛੁ ਜਾਣੈ ਸਿਰਜਣਹਾਰੁ ॥੩॥
ਜਿਸੁ ਊਪਰਿ ਨਦਰਿ ਕਰੇ ਕਰਤਾਰੁ ॥

1140

ਤਿਸੁ ਜਨ ਕੇ ਸਭਿ ਕਾਜ ਸਵਾਰਿ ॥
ਤਿਸ ਕਾ ਰਾਖਾ ਏਕੋ ਸੋਇ ॥
ਜਨ ਨਾਨਕ ਅਪੜਿ ਨ ਸਾਕੈ ਕੋਇ ॥੪॥੪॥੧੭॥
*ਭੈਰਉ ਮਹਲਾ ੫ ॥*
ਤਉ ਕੜੀਐ ਜੇ ਹੋਵੈ ਬਾਹਰਿ ॥
ਤਉ ਕੜੀਐ ਜੇ ਵਿਸਰੈ ਨਰਹਰਿ ॥
ਤਉ ਕੜੀਐ ਜੇ ਦੂਜਾ ਭਾਏ ॥
ਕਿਆ ਕੜੀਐ ਜਾਂ ਰਹਿਆ ਸਮਾਏ ॥੧॥
ਮਾਇਆ ਮੋਹਿ ਕੜੇ ਕੜਿ ਪਚਿਆ ॥
ਬਿਨੁ ਨਾਵੈ ਭ੍ਰਮਿ ਭ੍ਰਮਿ ਭ੍ਰਮਿ ਖਪਿਆ ॥੧॥ ਰਹਾਉ ॥
ਤਉ ਕੜੀਐ ਜੇ ਦੂਜਾ ਕਰਤਾ ॥
ਤਉ ਕੜੀਐ ਜੇ ਅਨਿਆਇ ਕੋ ਮਰਤਾ ॥
ਤਉ ਕੜੀਐ ਜੇ ਕਿਛੁ ਜਾਣੈ ਨਾਹੀ ॥
ਕਿਆ ਕੜੀਐ ਜਾਂ ਭਰਪੂਰਿ ਸਮਾਹੀ ॥੨॥
ਤਉ ਕੜੀਐ ਜੇ ਕਿਛੁ ਹੋਇ ਧਿਙਾਣੈ ॥
ਤਉ ਕੜੀਐ ਜੇ ਭੂਲਿ ਰੰਞਾਣੈ ॥
ਗੁਰਿ ਕਹਿਆ ਜੋ ਹੋਇ ਸਭੁ ਪ੍ਰਭ ਤੇ ॥
ਤਬ ਕਾੜਾ ਛੋਡਿ ਅਚਿੰਤ ਹਮ ਸੋਤੇ ॥੩॥
ਪ੍ਰਭ ਤੂਹੈ ਠਾਕੁਰੁ ਸਭੁ ਕੋ ਤੇਰਾ ॥
ਜਿਉ ਭਾਵੈ ਤਿਉ ਕਰਹਿ ਨਿਬੇਰਾ ॥
ਦੁਤੀਆ ਨਾਸਤਿ ਇਕੁ ਰਹਿਆ ਸਮਾਇ ॥
ਰਾਖਹੁ ਪੈਜ ਨਾਨਕ ਸਰਣਾਇ ॥੪॥੫॥੧੮॥
*ਭੈਰਉ ਮਹਲਾ ੫ ॥*
ਬਿਨੁ ਬਾਜੇ ਕੈਸੋ ਨਿਰਤਿਕਾਰੀ ॥
ਬਿਨੁ ਕੰਠੈ ਕੈਸੇ ਗਾਵਨਹਾਰੀ ॥
ਜੀਲ ਬਿਨਾ ਕੈਸੇ ਬਜੈ ਰਬਾਬ ॥
ਨਾਮ ਬਿਨਾ ਬਿਰਥੇ ਸਭਿ ਕਾਜ ॥੧॥
ਨਾਮ ਬਿਨਾ ਕਹਹੁ ਕੋ ਤਰਿਆ ॥
ਬਿਨੁ ਸਤਿਗੁਰ ਕੈਸੇ ਪਾਰਿ ਪਰਿਆ ॥੧॥ ਰਹਾਉ ॥
ਬਿਨੁ ਜਿਹਵਾ ਕਹਾ ਕੋ ਬਕਤਾ ॥
ਬਿਨੁ ਸ੍ਰਵਨਾ ਕਹਾ ਕੋ ਸੁਨਤਾ ॥
ਬਿਨੁ ਨੇਤ੍ਰਾ ਕਹਾ ਕੋ ਪੇਖੈ ॥
ਨਾਮ ਬਿਨਾ ਨਰੁ ਕਹੀ ਨ ਲੇਖੈ ॥੨॥
ਬਿਨੁ ਬਿਦਿਆ ਕਹਾ ਕੋਈ ਪੰਡਿਤ ॥
ਬਿਨੁ ਅਮਰੈ ਕੈਸੇ ਰਾਜ ਮੰਡਿਤ ॥
ਬਿਨੁ ਬੂਝੇ ਕਹਾ ਮਨੁ ਠਹਰਾਨਾ ॥
ਨਾਮ ਬਿਨਾ ਸਭੁ ਜਗੁ ਬਉਰਾਨਾ ॥੩॥
ਬਿਨੁ ਬੈਰਾਗ ਕਹਾ ਬੈਰਾਗੀ ॥
ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ ॥
ਬਿਨੁ ਬਸਿ ਪੰਚ ਕਹਾ ਮਨ ਚੂਰੇ ॥
ਨਾਮ ਬਿਨਾ ਸਦ ਸਦ ਹੀ ਝੂਰੇ ॥੪॥
ਬਿਨੁ ਗੁਰ ਦੀਖਿਆ ਕੈਸੇ ਗਿਆਨੁ ॥
ਬਿਨੁ ਪੇਖੇ ਕਹੁ ਕੈਸੋ ਧਿਆਨੁ ॥
ਬਿਨੁ ਭੈ ਕਥਨੀ ਸਰਬ ਬਿਕਾਰ ॥
ਕਹੁ ਨਾਨਕ ਦਰ ਕਾ ਬੀਚਾਰ ॥੫॥੬॥੧੯॥
*ਭੈਰਉ ਮਹਲਾ ੫ ॥*
ਹਉਮੈ ਰੋਗੁ ਮਾਨੁਖ ਕਉ ਦੀਨਾ ॥
ਕਾਮ ਰੋਗਿ ਮੈਗਲੁ ਬਸਿ ਲੀਨਾ ॥
ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥
ਨਾਦ ਰੋਗਿ ਖਪਿ ਗਏ ਕੁਰੰਗਾ ॥੧॥
ਜੋ ਜੋ ਦੀਸੈ ਸੋ ਸੋ ਰੋਗੀ ॥
ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥
ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥
ਬਾਸਨ ਰੋਗਿ ਭਵਰੁ ਬਿਨਸਾਨੋ ॥
ਹੇਤ ਰੋਗ ਕਾ ਸਗਲ ਸੰਸਾਰਾ ॥
ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ ॥੨॥
ਰੋਗੇ ਮਰਤਾ ਰੋਗੇ ਜਨਮੈ ॥
ਰੋਗੇ ਫਿਰਿ ਫਿਰਿ ਜੋਨੀ ਭਰਮੈ ॥

1141

ਰੋਗ ਬੰਧ ਰਹਨੁ ਰਤੀ ਨ ਪਾਵੈ ॥
ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ॥੩॥
ਪਾਰਬ੍ਰਹਮਿ ਜਿਸੁ ਕੀਨੀ ਦਇਆ ॥
ਬਾਹ ਪਕੜਿ ਰੋਗਹੁ ਕਢਿ ਲਇਆ ॥
ਤੂਟੇ ਬੰਧਨ ਸਾਧਸੰਗੁ ਪਾਇਆ ॥
ਕਹੁ ਨਾਨਕ ਗੁਰਿ ਰੋਗੁ ਮਿਟਾਇਆ ॥੪॥੭॥੨੦॥
*ਭੈਰਉ ਮਹਲਾ ੫ ॥*
ਚੀਤਿ ਆਵੈ ਤਾਂ ਮਹਾ ਅਨੰਦ ॥
ਚੀਤਿ ਆਵੈ ਤਾਂ ਸਭਿ ਦੁਖ ਭੰਜ ॥
ਚੀਤਿ ਆਵੈ ਤਾਂ ਸਰਧਾ ਪੂਰੀ ॥
ਚੀਤਿ ਆਵੈ ਤਾਂ ਕਬਹਿ ਨ ਝੂਰੀ ॥੧॥
ਅੰਤਰਿ ਰਾਮ ਰਾਇ ਪ੍ਰਗਟੇ ਆਇ ॥
ਗੁਰਿ ਪੂਰੈ ਦੀਓ ਰੰਗੁ ਲਾਇ ॥੧॥ ਰਹਾਉ ॥
ਚੀਤਿ ਆਵੈ ਤਾਂ ਸਰਬ ਕੋ ਰਾਜਾ ॥
ਚੀਤਿ ਆਵੈ ਤਾਂ ਪੂਰੇ ਕਾਜਾ ॥
ਚੀਤਿ ਆਵੈ ਤਾਂ ਰੰਗਿ ਗੁਲਾਲ ॥
ਚੀਤਿ ਆਵੈ ਤਾਂ ਸਦਾ ਨਿਹਾਲ ॥੨॥
ਚੀਤਿ ਆਵੈ ਤਾਂ ਸਦ ਧਨਵੰਤਾ ॥
ਚੀਤਿ ਆਵੈ ਤਾਂ ਸਦ ਨਿਭਰੰਤਾ ॥
ਚੀਤਿ ਆਵੈ ਤਾਂ ਸਭਿ ਰੰਗ ਮਾਣੇ ॥
ਚੀਤਿ ਆਵੈ ਤਾਂ ਚੂਕੀ ਕਾਣੇ ॥੩॥
ਚੀਤਿ ਆਵੈ ਤਾਂ ਸਹਜ ਘਰੁ ਪਾਇਆ ॥
ਚੀਤਿ ਆਵੈ ਤਾਂ ਸੁੰਨਿ ਸਮਾਇਆ ॥
ਚੀਤਿ ਆਵੈ ਸਦ ਕੀਰਤਨੁ ਕਰਤਾ ॥
ਮਨੁ ਮਾਨਿਆ ਨਾਨਕ ਭਗਵੰਤਾ ॥੪॥੮॥੨੧॥
*ਭੈਰਉ ਮਹਲਾ ੫ ॥*
ਬਾਪੁ ਹਮਾਰਾ ਸਦ ਚਰੰਜੀਵੀ ॥
ਭਾਈ ਹਮਾਰੇ ਸਦ ਹੀ ਜੀਵੀ ॥
ਮੀਤ ਹਮਾਰੇ ਸਦਾ ਅਬਿਨਾਸੀ ॥
ਕੁਟੰਬੁ ਹਮਾਰਾ ਨਿਜ ਘਰਿ ਵਾਸੀ ॥੧॥
ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥
ਗੁਰਿ ਪੂਰੈ ਪਿਤਾ ਸੰਗਿ ਮੇਲੇ ॥੧॥ ਰਹਾਉ ॥
ਮੰਦਰ ਮੇਰੇ ਸਭ ਤੇ ਊਚੇ ॥
ਦੇਸ ਮੇਰੇ ਬੇਅੰਤ ਅਪੂਛੇ ॥
ਰਾਜੁ ਹਮਾਰਾ ਸਦ ਹੀ ਨਿਹਚਲੁ ॥
ਮਾਲੁ ਹਮਾਰਾ ਅਖੂਟੁ ਅਬੇਚਲੁ ॥੨॥
ਸੋਭਾ ਮੇਰੀ ਸਭ ਜੁਗ ਅੰਤਰਿ ॥
ਬਾਜ ਹਮਾਰੀ ਥਾਨ ਥਨੰਤਰਿ ॥
ਕੀਰਤਿ ਹਮਰੀ ਘਰਿ ਘਰਿ ਹੋਈ ॥
ਭਗਤਿ ਹਮਾਰੀ ਸਭਨੀ ਲੋਈ ॥੩॥
ਪਿਤਾ ਹਮਾਰੇ ਪ੍ਰਗਟੇ ਮਾਝ ॥
ਪਿਤਾ ਪੂਤ ਰਲਿ ਕੀਨੀ ਸਾਂਝ ॥
ਕਹੁ ਨਾਨਕ ਜਉ ਪਿਤਾ ਪਤੀਨੇ ॥
ਪਿਤਾ ਪੂਤ ਏਕੈ ਰੰਗਿ ਲੀਨੇ ॥੪॥੯॥੨੨॥
*ਭੈਰਉ ਮਹਲਾ ੫ ॥*
ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ॥
ਹਮ ਅਪਰਾਧੀ ਤੁਮ੍ਹ੍ਹ ਬਖਸਾਤੇ ॥
ਜਿਸੁ ਪਾਪੀ ਕਉ ਮਿਲੈ ਨ ਢੋਈ ॥
ਸਰਣਿ ਆਵੈ ਤਾਂ ਨਿਰਮਲੁ ਹੋਈ ॥੧॥
ਸੁਖੁ ਪਾਇਆ ਸਤਿਗੁਰੂ ਮਨਾਇ ॥
ਸਭ ਫਲ ਪਾਏ ਗੁਰੂ ਧਿਆਇ ॥੧॥ ਰਹਾਉ ॥
ਪਾਰਬ੍ਰਹਮ ਸਤਿਗੁਰ ਆਦੇਸੁ ॥
ਮਨੁ ਤਨੁ ਤੇਰਾ ਸਭੁ ਤੇਰਾ ਦੇਸੁ ॥
ਚੂਕਾ ਪੜਦਾ ਤਾਂ ਨਦਰੀ ਆਇਆ ॥
ਖਸਮੁ ਤੂਹੈ ਸਭਨਾ ਕੇ ਰਾਇਆ ॥੨॥
ਤਿਸੁ ਭਾਣਾ ਸੂਕੇ ਕਾਸਟ ਹਰਿਆ ॥
ਤਿਸੁ ਭਾਣਾ ਤਾਂ ਥਲ ਸਿਰਿ ਸਰਿਆ ॥
ਤਿਸੁ ਭਾਣਾ ਤਾਂ ਸਭਿ ਫਲ ਪਾਏ ॥
ਚਿੰਤ ਗਈ ਲਗਿ ਸਤਿਗੁਰ ਪਾਏ ॥੩॥
ਹਰਾਮਖੋਰ ਨਿਰਗੁਣ ਕਉ ਤੂਠਾ ॥
ਮਨੁ ਤਨੁ ਸੀਤਲੁ ਮਨਿ ਅੰਮ੍ਰਿਤੁ ਵੂਠਾ ॥
ਪਾਰਬ੍ਰਹਮ ਗੁਰ ਭਏ ਦਇਆਲਾ ॥
ਨਾਨਕ ਦਾਸ ਦੇਖਿ ਭਏ ਨਿਹਾਲਾ ॥੪॥੧੦॥੨੩॥

2018-2021